---Advertisement---

ਗੁਰੂ ਰਵਿਦਾਸ ਮਿਸ਼ਨ ਦਾ ਧਰੂ – ਤਾਰਾ ਸੰਤ ਰਾਮਾਨੰਦ ਜੀ

May 23, 2026 1:08 PM
---Advertisement---

ਜਲੰਧਰ : ਬ੍ਰਹਮਗਿਆਨੀ ਸੰਤ ਸਰਵਣ ਦਾਸ ਜੀ ਦਾ ਗਿੱਲ – ਪੱਤੀ ਵਿੱਚ ਆਉਣਾ,ਵੈਰਾਗਮਈ ਹੋ ਜਾਣਾ ਅਤੇ ਦਿਨ ਰਾਤ ਤੱਪਸਿਆ ਕਰਕੇ, ਗਰੀਬ ਕੋਮ ਦੀ ਬਾਂਹ ਫੜਕੇ ਉਹਨੂੰ ਰੂਹਾਨੀਅਤ ਦੇ ਨਾਲ ਜੋੜ ਕੇ ਸੱਚ ਦਾ ਮਾਰਗ ਦਰਸਾਉਣਾ,ਅਤੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਮਿਸ਼ਨ ਨੂੰ ਜਨ – 2 ਤੱਕ ਪਹੁੰਚਾਉਣਾ,ਇਹ ਛੋਟੀਆਂ ਘਟਨਾਵਾਂ ਨਹੀਂ ਹਨ । ਸੰਗਤਾਂ ਦੇ ਮਨਾਂ ਵਿਚ ਇਹ ਅਹਿਸਾਸ ਤੇ ਵਿਸ਼ਵਾਸ ਪੈਦਾ ਕਰਨਾ ਕਿ ਜਗਤਪਿਤਾ ਸਤਿਗੁਰੁ ਰਵਿਦਾਸ ਜੀ ਹੀ ਸਹੀ ਅਰਥਾਂ ਵਿੱਚ ਮਨੁੱਖਤਾ ਦੇ ਦਰਦੀ ਅਤੇ ਸੁੱਭ ਚਿੰਤਕ ਸਨ । ਉਹਨਾਂ ਦੀ ਬਾਣੀ ਅੱਜ ਵੀ ਸਾਡੇ ਵਾਸਤੇ ਤਾਰਨਹਾਰ ਅਤੇ ਮੁਕਤੀ ਦਾ ਦਾਤਾ ਹੈ । ਇਸ ਕਰਕੇ ਉਹਨਾਂ ਨੇ ਸਾਡੇ ਵਾਸਤੇ ਜਗਤਪਿਤਾ  ਸਤਿਗੁਰੂ ਰਵਿਦਾਸ ਜੀ ਬਾਣੀ ਨੂੰ ਸਾਡੇ ਜੀਵਨ ਦਾ ਮਕਸਦ ਤੋਂ ਪ੍ਰੇਰਨਾ ਬਣਾ ਦਿੱਤਾ,ਅਤੇ ਡੇਰਾ ਸੰਤ ਸਰਵਣ ਦਾਸ ਜੀ ਕਦਮ – ਦਰ – ਕਦਮ ਇਸ ਮਿਸ਼ਨ ਵਿੱਚ ਇੱਕ – ਮਿੱਕ ਹੋ ਗਿਆ,ਕਿ ਪਤਾ ਹੀ ਨਹੀਂ ਲੱਗਾ ਕਿ ਕਦੋਂ ਸੰਤ ਰਾਮਾਨੰਦ ਜੀ ਕੌਮ ਦੀ ਪ੍ਰੇਰਨਾ ਤੇ ਵਿਸ਼ਵਾਸ ਬਣਾ ਕੇ ਉੱਤਰ ਆਏ । ਬ੍ਰਹਮਗਿਆਨੀ ਸੰਤ ਹਰੀ ਦਾਸ ਜੀ ਅਤੇ ਬ੍ਰਹਮਗਿਆਨੀ ਗੁਰੂਪਿਤਾ ਸੰਤ ਗਰੀਬ ਦਾਸ ਜੀ ਨੇ ਆਪ ਜੀ ਨੂੰ ਜੋ ਮਿਸ਼ਨ ਦੀ ਗੁੜਤੀ ਦਿੱਤੀ । ਆਪ ਉਸ ਤੇ ਪੂਰੇ ਉੱਤਰੇ । ਬੱਸ ਕੌਮ ਦਾ ਬੱਚਾ 2 ਉਹਨਾਂ ਦੀ ਅਵਾਜ਼ ਤੇ ਪੇ੍ਰਣਾ ਦਾ ਕਾਇਲ ਹੋ ਗਿਆ,ਤੇ ਉਹਨਾਂ ਵਿਚ ਕੋਮ ਦਾ ਭਵਿੱਖ ਦੇਖਣ ਲੱਗਾ,ਉਹਨਾਂ ਜਗਤਪਿਤਾ ਸਤਿਗੁਰੂ ਰਵਿਦਾਸ ਜੀ ਬਾਣੀ ਨੂੰ ਸਧਾਰਨ ਧਾਰਨਾ ਵਿਚ ਪ੍ਰੋਸ ਕੇ ਐਨੇ ਸਰਲ ਤੇ ਸੁਗਮ ਢੰਗ ਨਾਲ ਸੰਗਤਾਂ ਦੇ ਰੂਬਰੂ ਕੀਤਾ ਕਿ ਸੰਗਤਾਂ ਦੇ ਅੰਦਰ ਏਕਤਾ ਤੇ ਕੌਮੀ ਜਜ਼ਬਾ ਠਾਠਾਂ ਮਾਰਨ ਲੱਗਾ,ਇਸੇ ਕਰਕੇ ਹੀ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੇ ਸੀ੍ ਗੁਰੂ ਰਵਿਦਾਸ ਮਿਸ਼ਨ ਦੇ ਧਰੂ – ਤਾਰਾ ਕਹਿਣਾ ਕੋਈ ਅੱਤ ਕਥਨੀ ਨਹੀਂ ਹੈ,ਕਿਉਂਕਿ ਸਤਿਗੁਰੂ ਨੂੰ ਗਿਆ 639 ਸਾਲ ਬੀਤ ਚੁੱਕੇ ਹਨ । ਸ੍ਰੀ ਗੁਰੂ ਰਵਿਦਾਸ ਬਾਣੀ ਦੇ ਉਪਾਸਕ ਸਮੇਂ – ਸਮੇਂ ਡੇਰੇ ਸੰਤ – ਮਹਾਤਮਾ ਪ੍ਰਚਾਰਕ ਤੇ ਕਥਾ ਵਾਚਕ ਹੋਏ ਹੋਣਗੇ । ਦਾਸ ਇਸ ਗੱਲ ਤੋਂ ਇਨਕਾਰੀ ਨਹੀਂ,ਇਹਨਾਂ ਵਿੱਚੋਂ ਮਹਾਨ ਤਪੱਸਵੀ,ਬ੍ਰਹਮਗਿਆਨੀ ਵੀ ਹੋਏ ਹਨ । ਉਹਨਾਂ ਨੇ ਇਸ ਵਿਚਾਰਧਾਰਾ ਤੇ ਬਹੁਤ ਕੰਮ ਵੀ ਕੀਤਾ ਹੋਵੇਗਾ,ਲੇਕਿਨ ਗੁਰੂ ਰਵਿਦਾਸ ਜੀ ਵਿਚਾਰਧਾਰਾ ਦਾ ਏਡੇ ਵੱਡੇ ਪੱਧਰ ਉਤੇ ਫੈਲਾਅ ਕਦੀ ਨਹੀਂ ਹੋਇਆ । ਇਹ ਸੰਗਤਾਂ ਦਾ ਵਿਸ਼ਵਾਸ ਅਤੇ ਮੰਨਣਾ ਹੈ । ਕਾਫੀ ਹੱਥ – ਪੈਰ ਮਾਰਨ ਅਤੇ ਜੱਦੋ – ਜਹਿਦ ਉਪਰੰਤ ਵੀ ਕੋਈ ਐਸਾ ਪ੍ਰਮਾਣ ਤੇ ਇਤਿਹਾਸਕ ਗਵਾਹੀ ਨਹੀਂ ਮਿਲਦੀ ਜਿਹੜੀ ਅੱਜ ਸਾਡੇ ਸਮਾਜ ਦੇ ਸਾਹਮਣੇ ਹੈ ।

*ਰਵਿਦਾਸ ਗੁਰਾਂ ਦਾ ਜੁੱਗ ‘ ਤੇ ਲੋਕ ਮਿਸ਼ਨ ਅਧੂਰਾ ਸੀ । ਸਰਵਣ ਦਾਸ ਗੁਰਾਂ ਨੇ ਆ ਕੇ ਕੀਤਾ ਪੂਰਾ ਸੀ ।*
*ਰਾਮਾਨੰਦ ਦੀ ਇਹ ਕੁਰਬਾਨੀ ਰੰਗ ਲਿਆਵੇਗੀ ।*
*ਘਰ – ਘਰ ਅੰਮ੍ਰਿਤਬਾਣੀ ਦੇ ਪ੍ਰਕਾਸ਼ ਕਰਾਵੇਗੀ* ।

ਇਤਿਹਾਸ ਗਵਾਹ ਹੈ ਤੱਤਕਾਲੀ ਤੇ ਆਧੁਨਿਕ ਸਮਾਜ ਨੇ ਜਿੰਨਾ ਗੁਰੂ ਰਵਿਦਾਸ ਜੀ ਬਾਣੀ ਨਾਲ ਖਿਲਵਾੜ ਕੀਤਾ,ਉਨੀ ਹੀ ਸ਼ਿੱਦਤ ਨਾਲ ਬ੍ਰਹਮਗਿਆਨੀ ਸੰਤ ਸਰਵਣ ਦਾਸ ਜੀ ਨੇ ਇਸ ਮਿਸ਼ਨ ਨੂੰ ਪ੍ਰਚਾਰਨ,ਪ੍ਰਸਾਰਨ ਵਾਸਤੇ ਯੋਗਦਾਨ ਪਾਇਆ । ਸੰਤ ਰਾਮਾਨੰਦ ਜੀ ਡੇਰਾ ਸੱਚਖੰਡ ਬੱਲਾਂ ਦੇ ਗੁਰੂ ਰਵਿਦਾਸ ਮਿਸ਼ਨ ਦੇ ਪ੍ਰਬੀਨ ਬੁਲਾਰੇ ਅਤੇ ਅਣਥੱਕ ਪ੍ਰਚਾਰਕ ਬਣ ਕੇ ਸਾਹਮਣੇ ਆਏ । ਉਨ੍ਹਾਂ ਨੇ ਨਿੱਧੜਕ ਹੋ ਕੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਦਿਖਾਈ । ਸੱਚ ਨੂੰ ਸਟੇਜਾਂ ਉਤੇ ਸੰਗਤਾਂ ਵਿਚ ਲਿਆਂਦਾ,ਅਤੇ ਸੰਗਤਾਂ ਨੂੰ ਅਹਿਸਾਸ ਕਰਵਾਇਆ ਕਿ ਜਗਤਪਿਤਾ ਗੁਰੂ ਰਵਿਦਾਸ ਜੀ ਬ੍ਰਹਮਗਿਆਨ ਦੀ ਯੂਨੀਵਰਸਿਟੀ ਸਨ,ਜਿਨ੍ਹਾਂ ਨੇ ਨਿਰਗੁਣਵਾਦ ਰਾਹੀਂ ਸਮਾਜ ਦੇ ਦੱਬ ਕੁਚਲੇ , ਗਰੀਬ ਨਿਮਾਣਿਆਂ ਵਾਸਤੇ ਇੱਕ ਨਿਰਗੁਣ ਸਰਵ ਕਲਾ ਸਮਰੱਥ , ਨਿਡਰ ਤੇ ਗਰੀਬ ਨਿਵਾਜ ਦੀ ਸਿਰਜਣਾ ਕਰਕੇ ਗੁਲਾਮੀ ਦੇ ਬੰਧਨ ਤੋੜਨ ਦੀ ਸਫਲ ਉਦਾਹਰਣ ਪੇਸ਼ ਕਰਦਿਆਂ ਜਿੱਥੇ ਹੱਕ – ਸੱਚ ਦੀ ਆਵਾਜ਼ ਬਣੇ ਉੱਥੇ ਮਾਨਵਤਾ ਦੇ ਮਸੀਹਾ ਅਖਵਾਏ । ਉਨ੍ਹਾਂ ਨੇ ਭਗਤੀ ਲਹਿਰ ਦੀ ਅਗਵਾਈ ਕੀਤੀ ਅਤੇ ਭਗਤੀ ਲਹਿਰ ਦੇ ਨਾਇਕ ਵਜੋਂ ਸਮਾਜਿਕ ਪ੍ਰੀਵਰਤਨ ਦੀ ਬਿਗੁਲ ਵਜਾ ਕੇ ਸਮਾਜਿਕ ਵਿਵਸਥਾ ਤੇ ਚੋਟ ਕਰਦਿਆਂ ਸਮਕਾਲੀ ਰਾਜੇ ਮਹਾਰਾਜਿਆਂ ਦੇ ਵਿਰੁੱਧ ਸਮਾਜਿਕ ਚੇਤਨਾ ਅਤੇ ਧਾਰਮਿਕ ਅਗਵਾਈ ਰਾਹੀਂ ਸਮਾਜਿਕ ਧਾਰਮਿਕ ਅਤੇ ਸੱਭਿਆਚਾਰਕ ਤਬਦੀਲੀ ਦੀ ਮੰਗ ਕੀਤੀ ।
ਸੰਤ ਰਾਮਾਨੰਦ ਜੀ ਵਰਗਾ ਕੋਈ ਪ੍ਰਬੀਨ ਬੁਲਾਰਾ ਹੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਆਮ ਜਨਤਾ ਜਨਾਰਦਨ ਦੇ ਦਿਮਾਗ ਵਿਚ ਪਾ ਸਕਦਾ ਸੀ । ਸੰਤ ਕਹਿੰਦੇ ਹੁੰਦੇ ਸਨ ਕਿ ਆਪਾਂ ਸਾਰੇ ਉਸ ਗੁਰੂ ਰਵਿਦਾਸ ਜੀ ਦੀ ਔਲਾਦ ਹਾਂ,ਜਿਹੜੇ ਖੁਦ ਖੁਦਾ ਸਨ । ਜਾਤਾਂ ਪਾਤਾਂ ਤਾਂ ਸਮਾਜ ਨੇ ਆਪਣੀ ਚੌਧਰ , ਲੁੱਟ – ਖਸੁੱਟ ਅਤੇ ਅਰਾਮ ਲਈ ਬਣਾਈਆਂ ਹਨ । ਅਸਲ ਵਿੱਚ ਜਿਹੜੇ ਬ੍ਰਹਮ ਦੇ ਭੇਤੀ ਨਹੀਂ ਉਹ ਠੱਗ ਹਨ,ਅਸੀਂ ਬਰਾਬਰ ਹਾਂ । ਚੰਗੇ ਕਰਮ ਕਰੋ ਤੇ ਬੇਗਮਪੁਰਾ ਦੇ ਅਧਿਕਾਰੀ ਬਣੋ । ਬੱਚਿਆਂ ਵਿਚ ਗੁਰੂ ਰਵਿਦਾਸ ਜੀ ਦਾ ਸਹੀ ਚਿੰਤਰਨ ਕਰਕੇ ਪੂਰਨ ਸੰਸਾਰ ਵਿੱਚ ਗੁਰੂ ਰਵਿਦਾਸ ਮਿਸ਼ਨ ਦੀ ਲਹਿਰ ਪੈਦਾ ਕੀਤੀ । ਅੰਤ ਵਿੱਚ ਦਾਸ ਕੌਮ ਦੇ ਮਹਾਨ ਬੁਲਾਰੇ , ਪੂਰਨ ਸੰਤ ਪ੍ਰਵੀਨ ਵਿਦਵਾਨ , ਲਗਨ ਦੇ ਧਨੀ , ਮਿਸ਼ਨ ਦੇ ਧਰੂ – ਤਾਰੇ , ਡੇਰਾ ਸੱਚਖੰਡ ਬੱਲਾਂ ਦੇ ਸੇਵਕ , ਨੌਜਵਾਨਾਂ ਦੇ ਪੇ੍ਰਨਾ ਸਰੋਤ , ਬੁਲੰਦ ਅਵਾਜ਼ ਦੇ ਮਾਲਿਕ , ਵਧੀਆ ਲੇਖਕ , ਅਣਥੱਕ ਸੇਵਾਦਾਰ , ਕੌਮੀ ਹੀਰੇ , ਦਲਿਤ ਸਹਿਤ ਦੇ ਸਿਰਜਕ , ਕੀਰਤਨ ਦੇ ਧਨੀ ਅਤੇ ਸਟੇਜਾਂ ਦੇ ਸ਼ਿੰਗਾਰ ਸੰਤ ਰਾਮਾਨੰਦ ਜੀ ਨੂੰ ਜਿੱਥੇ ਅੱਜ ਯਾਦ ਕਰਦੇ ਹਾਂ,ਉੱਥੇ ਨਤਮਸਤਕ ਹੁੰਦੇ ਹੋਏ,ਆਸ਼ੀਰਵਾਦ ਦੇ ਜਾਚਕ ਹਾਂ। 

ਸਵਰਗਵਾਸੀ ਪ੍ਰਿੰਸੀਪਲ ਸੱਤਪਾਲ ਜੱਸੀ ਗੋਲਡ ਮੈਡਲਿਸਟ ਡੇਰਾ ਸੱਚਖੰਡ ਬੱਲਾਂ { ਜਲੰਧਰ }

Join WhatsApp

Join Now