ਭਾਰਤੀ ਸਮਾਜ ਦੇ ਚੰਨ, ਚੰਨ ਗੁਰਾਇਆਂ ਜੀ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ, ਗੀਤਕਾਰੀ ਦੀ ਫੁਲਵਾੜੀ ਦੇ ਟਹਿਕਦੇ ਗੁਲਾਬ, ਸਾਹਿਤਕਾਰੀ ਪੁਲਾੜ ਮੰਡਲ ਦੇ ਧਰੁਵ ਤਾਰੇ, ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਅਤੇ ਪੰਜਾਬ ਦਾ ਮਾਣ 5 ਮਈ 2026 ਨੂੰ ਪਰਮਪਿਤਾ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ। ਉਹ ਸਾਡੇ ਕੋਲ ਸਦਾ ਲਈ ਯਾਦਾਂ ਦੀ ਖੁਸ਼ਬੂ ਛੱਡ ਗਏ ਨੇ। ਉਹਨਾਂ ਨੂੰ ਯਾਦ ਕਰਦਿਆਂ ਕੁਝ ਲਿਖ ਕੇ ਓਹਨਾ ਪ੍ਰਤੀ ਸਤਿਕਾਰ, ਸਨੇਹ ਅਤੇ ਮੋਹ ਦਾ ਇਜ਼ਹਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਚੰਨ ਜੀ ਦਾ ਪੂਰਾ ਨਾਮ ਭੁੱਲਾ ਰਾਮ ਸੀ । ਆਪ ਦਾ ਜਨਮ 95-96 ਸਾਲ ਪਹਿਲਾਂ ਪਿੰਡ ਢੰਡੇ ਤਹਿਸੀਲ ਫਿਲੌਰ ਜਿਲਾ ਜਲੰਧਰ ਵਿਖੇ ਸ਼੍ਰੀਮਾਨ ਲੱਭੂ ਰਾਮ ਜੀ ਠੇਕੇਦਾਰ ਅਤੇ ਮਾਤਾ ਬੀਬੀ ਧੰਤੀ ਦੇਵੀ ਦੇ ਘਰ ਹੋਇਆ। ਆਪ ਪਿੰਡ ਛੱਡ ਕੇ ਗੁਰਾਇਆਂ ਆ ਗਏ। ਇਥੇ ਆਪ ਨੇ ਪੇਂਟ ਅਤੇ ਹਾਰਡ ਵੇਅਰ ਦਾ ਸ਼ੋਰੂਮ ਖੋਲਿਆ। ਬਿਲਡਿੰਗਾਂ ਦੀ ਉਸਾਰੀ ਲਈ ਬਾਂਸ, ਬੱਲੀਆਂ, ਪੌੜੀਆਂ ਤੇ ਘੋੜੀਆਂ ਵੀ ਰੱਖੀਆਂ । ਆਪ ਜੀ ਨੇ ਕਲੀ, ਚੂਨੇ ਦੀਆਂ ਭੱਟੀਆਂ ਵੀ ਲਈਆਂ ਸਨ। ਆਪ ਜੀ ਨੇ ਪਹਿਲੋਂ ਪਹਿਲ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇਨਕਲਾਬੀ ਗੀਤ ਲਿਖੇ। ਸਟੇਜਾਂ ਉੱਤੇ ਤਾਂ ਇਹ ਧੁੰਮਾਂ ਪਾ ਰਹੇ ਸਨ ਲੇਕਿਨ ਰਿਕਾਰਡ ਨਹੀਂ ਕੀਤੇ ਜਾਂਦੇ ਸਨ । ਕੰਪਨੀਆਂ ਦਾ ਇਹ ਮੰਨਣਾ ਸੀ ਕਿ ਇਹਨਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ। ਉਸ ਸਮੇਂ ਚਾਂਦੀ ਰਾਮ , ਹਰਚਰਨ ਗਰੇਵਾਲ ਪ੍ਰਸਿੱਧ ਗਾਇਕ ਸਨ । ਇਹਨਾਂ ਦੇ ਗੀਤ.. ਲੈ ਜਾ ਛੱਲੀਆਂ ਭੁਨਾ ਲਈਂ ਦਾਣੇ ਮਿੱਤਰਾ ਦੂਰ ਦਿਆ (ਚਾਂਦੀ ਰਾਮ ), ਲੱਕ ਹਿਲੇ ਮਜਾਜਣ ਜਾਂਦੀ ਦਾ ਗੀਤ (ਹਰਚਰਨ ਗਰੇਵਾਲ) ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਸਨ। ਚੰਨ ਦੇ ਗੀਤਾਂ ਵਿਚ ਹਦਾਇਤਾਂ ਸਨ- ਆਹ ਨਹੀਂ ਕਰਨਾ ਔਹ ਨਹੀਂ ਕਰਨਾ ਤਾਂ ਕਰਕੇ ਲੋਕ ਨਾਪਸੰਦ ਕਰਦੇ ਸਨ । ਅਜਿਹੇ ਗੀਤ ਇਹਨਾਂ ਦੀਆਂ ਰਗਾਂ ਵਿਚ ਇਹਨਾਂ ਦੇ ਉਸਤਾਦ ਉੱਘੇ ਸਟੇਜੀ ਸ਼ਾਇਰ ਨਰਿੰਜਨ ਸਿੰਘ ਪੰਛੀ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਬਾਬਾ ਬੋਹੜ ਸ਼੍ਰੀ ਹਰ ਕ੍ਰਿਸ਼ਨ ਸਿੰਘ ਸੁਰਜੀਤ ਨੇ ਪ੍ਰਵੇਸ਼ ਕਰਾਏ । ਆਪ ਜੀ ਨੇ ਨਰਿੰਦਰ , ਚਰਨ ਸਿੰਘ ਸਫ਼ਰੀ ਬਾਬੂ ਮੰਗੂ ਰਾਮ , ਜਸਪਾਲ (ਰਵਿਦਾਸ ਪੱਤਰਕਾ ) ਗ਼ਜ਼ਲਗੋ ਉਸਤਾਦ ਦੀਪਕ ਜੈਤੋਈ (ਧੀਆਂ ਕਰ ਚੱਲੀਆਂ ਸਰਦਾਰੀ ) ਗੁਰਦਾਸ ਰਾਮ ਆਲਮ (ਕੱਲ ਕਰ ਲਾ ਚਾਹੇ ਅੱਜ ਕਰ ਲਾ ) ਮਲੂਕ ਚੰਦ ਜਾਡਲੇ ਵਾਲੇ ਆਦਿ ਕਵੀਆਂ ਦੀ ਸੰਗਤ ਕੀਤੀ ਜਿਹਨਾਂ ਸਦਕਾ ਆਪ ਜੀ ਦੀ ਕਲਮ ਨੇ ਸਾਹਿਤ ਦੇ ਨੌ ਰਸਾਂ ਅਤੇ ਸੱਤ ਰਾਗਾਂ ਦੀ ਗੁੜਤੀ ਪ੍ਰਾਪਤ ਕੀਤੀ । ਇਹਨਾਂ ਦੀ ਸੰਗਤ ਹੀ ਐਸੀ ਰੰਗਤ ਲੈ ਕੇ ਆਈ ਕਿ ਸਾਰੇ ਸੰਸਾਰ ਵਿਚ ਆਪ ਜੀ ਦੀ ਵਾਹ ਵਾਹ ਹੋ ਗਈ।
ਆਪ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਬੜੀ ਨੀਝ, ਸਹਿਜਤਾ , ਲਗਨ ਅਤੇ ਸੰਜੀਦਗੀ ਨਾਲ ਪੜ੍ਹਿਆ। ਸਮਾਜਿਕ, ਧਾਰਮਿਕ ਤੇ ਅਧਿਆਤਮਕ ਪੱਖਾਂ ਦੀ ਮਹੱਤਤਾ ਨੂੰ ਜਾਣ ਕੇ ਆਪ ਜੀ ਨੇ ਪਹਿਲੀ ਬਾਰ ਸਾਹਿਤ ਦੇ ਗੀਤਾਂ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਦੇ ਖਿਤਾਬ ਨਾਲ ਸੰਬੋਧਿਤ ਕਰਕੇ ਨਿਵਾਜਿਆ। ਭਾਵੇਂ ਉਸ ਸਮੇਂ ਉਹਨਾਂ ਦੀ ਖੁੱਲ ਦਿਲੀ ਨੂੰ ਸੱਟ ਵੀ ਮਾਰੀ ਗਈ ਪਰ ਉਹਨਾਂ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ ਕਿ ਜਦੋਂ ਰੋਜ਼ਾਨਾ ਜਿੰਦਗੀ ਵਿਚ ਅਧਿਆਪਕ, ਗੀਤਕਾਰ, ਸੰਗੀਤਕਾਰ, ਕਲਾਕਾਰ ਆਦਿ ਨੂੰ ਉਹਨਾਂ ਦੇ ਸ਼ਾਗਿਰਦ ਪੈਰੀਂ ਹੱਥ ਲਾ ਕੇ ਗੁਰੂ ਜੀ ਕਹਿੰਦੇ ਹਨ ਤਾਂ ਗੁਰਬਾਣੀ ਦੇ ਰਚਨਹਾਰ ਤਾਂ ਇਹਨਾਂ ਤੋਂ ਅਸੀਮ ਉੱਚੇ ਹਨ । ਸਤਿਗੁਰੂ ਰਵਿਦਾਸ ਮਹਾਰਾਜ ਤਾਂ ਦੁਨੀਆਂ ਲਈ ਤੇ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸ੍ਰੋਤ ਹਨ। ਸਤਿਗੁਰੂ ਰਵਿਦਾਸ ਮਹਾਰਾਜ ਦਾ ਦਰਜਾ ਐਨਾ ਉੱਚਾ ਹੋਣ ਦੇ ਬਾਵਜੂਦ ਵਿਦਵਾਨ ਤੇ ਧਰਮ ਗਿਆਨੀ ਨਿਰਭੈ ਕਰਕੇ ਉਹਨਾਂ ਨੂੰ ਗੁਰੂ ਕਿਓਂ ਨਹੀਂ ਕਹਿੰਦੇ ? ਧਰਮ ਦੀ ਕੱਟੜਤਾ ਖ਼ੁਦ ਧਰਮ ਨੂੰ, ਸਮਾਜ ਦੇ ਭਾਈਚਾਰੇ ਤੇ ਗੁਰੂਆਂ ਦੇ ਸਮੁੱਚੇ ਫ਼ਲਸਫ਼ੇ ਨੂੰ ਖਤਰਾ ਪੈਦਾ ਕਰਦੀ ਹੈ।ਅਜਿਹੇ ਮਹਾਂਪੁਰਸ਼ਾਂ ਨੂੰ ਜਿਹਨਾਂ ਨੇ ਮਨੁੱਖਤਾ ਲਈ ਚਾਨਣਮੁਨਾਰੇ ਕਾਇਮ ਕੀਤੇ ਹਨ ਉਹਨਾਂ ਨੂੰ ਗੁਰੂ ਤੋਂ ਵੱਧ ਸਤਿਗੁਰੂ ਦਾ ਖਿਤਾਬ ਦੇਣਾ ਚਾਹੀਦਾ ਹੈ। ਆਪ ਜੀ ਨੇ ਗੁਰੂ ਰਵਿਦਾਸ ਜੀ ਦੀ ਮਹਿਮਾ ਏਕਤਾ ਦੇ ਪੁਜਾਰੀ ਸ਼੍ਰੀ ਗੁਰੂ ਰਵਿਦਾਸ ਜੀ ਗੀਤ ਸੰਗ੍ਰਹਿ ਲਿਖ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਫ਼ਲਸਫ਼ੇ ਪ੍ਰਤੀ ਇਕ ਨਵੀਂ ਚੇਤਨਾ ਦੀ ਕ੍ਰਾਂਤੀ ਪੈਦਾ ਕੀਤੀ ਜਿਸ ਸਦਕਾ ਅੱਜ ਮੇਰੇ ਵਰਗੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸੰਬੋਧਿਤ ਕਰਦਿਆਂ ਉਹਨਾਂ ਦੇ ਨਾਮ ਅੱਗੇ 21 ਤੋਂ ਵੱਧ ਅਲੰਕਾਰ ਲਾਉਂਦਾ ਨਹੀਂ ਥੱਕਦਾ।
ਉਹਨਾਂ ਦੇ ਗੀਤਾਂ ਨੂੰ ਬੁਲੰਦ ਅਵਾਜ ਦੀ ਮਾਲਕਣ ਬੀਬੀ ਨਰਿੰਦਰ ਬੀਬਾ ਜੀ ਨੇ ਬੜੀ ਦਲੇਰੀ ਨਾਲ ਗਾ ਕੇ ਚੰਨ ਦੇ ਸੰਕਲਪਾਂ ਨੂੰ ਅਮਲੀ ਜਾਮਾ ਪਾ ਦਿੱਤਾ। ਐਚ ਐਮ ਵੀ ਦੇ ਮੈਨੇਜਰ ਜ਼ਾਹਿਰ ਅਹਿਮਦ ਤੇ ਡਾਇਰੈਕਟਰ ਕੇਸਰ ਸਿੰਘ ਨਰੂਲਾ ਨੇ ਵੀ ਗੁਰੂ ਸ਼ਬਦ ਪੜ੍ਹ ਕੇ ਰਿਕਾਰਡਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਲੇਕਿਨ ਆਪ ਜੀ ਨੇ ਰਿਕਾਰਡਿੰਗ ਫੀਸ 22000 ਰੁਪਏ ਆਪਣੇ ਕੋਲੋਂ ਆਪਣੀ ਜੇਬ ਵਿਚੋਂ ਅਦਾ ਕੀਤੀ ਅਤੇ ਸਵੈ ਘੋਸ਼ਣਾ ਲਿਖਤੀ ਰੂਪ ਵਿਚ ਕੀਤੀ ਕਿ ਜੇਕਰ ਇਹਨਾਂ ਗੀਤਾਂ ਦੀ ਰਿਕਾਰਡਿੰਗ ਦੇ ਕਰਕੇ ਕਿਸੀ ਕੰਪਨੀ ਜਾਂ ਕੰਪਨੀ ਦੇ ਕਿਸੀ ਕਰਮਚਾਰੀ ਤੇ ਕਿਸੀ ਕਿਸਮ ਦਾ ਕੋਈ ਕਾਨੂੰਨੀ ਐਕਸ਼ਨ ਹੋਇਆ ਤਾਂ ਚੰਨ ਜਿੰਮੇਵਾਰ ਹੋਏਗਾ । ਉਸ ਤੋਂ ਬਾਅਦ ਇਹ ਗੀਤ ਸੰਗਤਾਂ ਵਿਚ ਆਏ।
ਉਹ ਗੀਤ ਹਨ ….
ਮੇਰੇ ਗੁਰੂ ਰਵਿਦਾਸ
ਮੇਰੇ ਵਸੇਂ ਸੁਆਸ ਸੁਆਸ
ਤੇਰੇ ਮਹਜਬਾਂ ਨੂੰ ਮੈਂ ਕੀ ਕਰਾਂ
ਮੈਂ ਨਾਮ ਉਹਦਾ ਜਪਦੀ ਫਿਰਾਂ
ਸਰਬ ਸੁੱਖਾਂ ਦਾ ਬਸ ਇੱਕੋ ਹੈ ਇਲਾਜ
ਗੁਰੂ ਰਵਿਦਾਸ ਮਾਏਂ ਗੁਰੂ ਰਵਿਦਾਸ
……………………..
ਗੁਰੂ ਰਵਿਦਾਸ ਜੀ ਪ੍ਰਗਟ ਹੋਏ
ਮੇਹਰਾਂ ਉਸ ਅਕਾਲ ਦੀਆਂ
ਦੁਨੀਆਂ ਸਿਫਤਾਂ ਕਰਦੀ ਸੀ
ਕਲਮਾਂ ਦੇ ਲਾਲ ਦੀਆਂ
……………
ਚੇਲੇ ਰਾਮਾਨੰਦ ਨੂੰ ਕਹਿੰਦੇ
ਸਾਡੇ ਟੱਕ ਕਲੇਜੇ ਪੈਂਦੇ
ਸੁਟੇga ਆਕਾਸ਼ ਨੂੰ
ਹੇਠ ਜੋੜ ਕੇ ਬੁਲਾਇਆ
ਕਿਓਂ ਰਵਿਦਾਸ ਨੂੰ
………………………
ਪੰਡਤ ਨਾਗਰਮਲ ਕੋਲ ਜਾ ਕੇ
ਕਹਿੰਦੇ ਮਰ ਜਾਂਣਗੇ ਕੁਝ ਖਾ ਕੇ,
ਸ਼ੂਦਰ ਫਿਰੇ ਜਨੇਊ ਪਾ ਕੇ,
ਧੋਤੀ ਤਿਲਕ ਲਗਾਉਂਦਾ ਆ,
ਤੜਕੇ ਉੱਠ ਕੇ ਰੋਜ਼ ਸਵੇਰੇ ਸ਼ੰਖ ਵਜਾਉਂਦਾ ਆ”
ਉਪ੍ਰੋਕਤ ਗੀਤਾਂ ਦੇ ਨਾਲ-ਨਾਲ ਬੀਬੀ ਨਰਿੰਦਰ ਬੀਬਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਗਾ ਕੇ ਪੰਜਾਬੀ ਗਾਇਕੀ ਵਿੱਚ ਇਕ ਇਨਕਲਾਬ ਲਿਆ ਦਿੱਤਾ। ਫਿਰ ਚੰਨ ਜੀ ਦੇ ਗੀਤਾਂ ਨੂੰ ਗਾਉਣ ਵਾਲਿਆਂ ਦਾ ਹੜ੍ਹ ਆ ਗਿਆ। ਇਨ੍ਹਾਂ ਵਿੱਚ ਰਾਜ ਗਾਇਕ ਹੰਸ ਰਾਜ ਹੰਸ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਮਹਿੰਦਰ ਕਪੂਰ, ਅਨੁਰਾਧਾ ਪੌਡਵਾਲ, ਆਸ਼ਾ ਭੋਸਲੇ ਅਤੇ ਸੁਦੇਸ਼ ਕੁਮਾਰੀ
ਦਿਲਰਾਜ ਕੌਰ, ਸੁਰਿੰਦਰ ਸ਼ਿੰਦਾ, ਮਾਸਟਰ ਸਲੀਮ, ਕਵਿਤਾ ਕ੍ਰਿਸ਼ਨਾਮੂਰਤੀ, ਮਲਕੀਤ ਸਿੰਘ, ਡੈਨਮਾਰਕ ਦੀ ਅਨੀਤਾ ਲਰਚੇ, ਗੁਰਮੀਤ ਬਾਵਾ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਜਗਮੋਹਨ ਕੌਰ, ਕੇ ਦੀਪ, ਨਿਰਮਲ ਸਿੱਧੂ, ਸ਼ੀਤਲ ਸਿੰਘ ਸ਼ੀਤਲ, ਬੀ ਐੱਸ ਬੱਲੀ ਕਵਾਲ ਪਾਸਲੇ ਵਾਲੇ, ਮੰਗਲ ਸਿੰਘ, ਕੰਠ ਕਲੇਰ ਅਤੇ ਹੋਰ ਅਨੇਕਾਂ ਨਾਮਵਰ ਗਾਇਕਾਂ ਨੇ ਚੰਨ ਜੀ ਦੇ ਗੀਤਾਂ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਅਮਰ ਕਰ ਦਿੱਤਾ।
ਚੰਨ ਜੀ ਨੇ ਆਪਣੇ ਗੀਤਾਂ ਵਿੱਚ ਸਰਮਾਇਦਾਰਾਂ ਵੱਲੋਂ ਹੋ ਰਹੀ ਲੁੱਟ-ਖਸੋਟ, ਮਜ਼ਦੂਰਾਂ ਅਤੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਬੜੀ ਸਪਸ਼ਟਤਾ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਪਰੰਪਰਾ ਨੂੰ ਚਿਤਰਦੇ ਗੀਤ ਲਿਖੇ। ਉਹਨਾਂ ਨੇ ਗੀਤਾਂ ਵਿਚ ਪੇਂਡੂ ਲੋਕਾਂ ਦੀਆਂ ਰੀਝਾਂ, ਵਿਦੇਸ਼ਾਂ ਵਿੱਚ ਬੈਠੇ ਪੁੱਤਰ ਲਈ ਮਾਂ ਦੀ ਤੜਪ ਅਤੇ ਡਰਾਈਵਰਾਂ ਦੀ ਨੀਰਸ ਜ਼ਿੰਦਗੀ ਨੂੰ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ।
ਉਹਨਾਂ ਨੇ ਨਾਨਕਿਆਂ ਦੀ “ਜਾਗੋ” ਵੀ ਲਾਜਵਾਬ ਪੇਸ਼ ਕੀਤੀ ਹੈ। ਸਿੱਖ ਇਤਿਹਾਸ ਨੂੰ ਬੜੀ ਗਹਿਰਾਈ ਨਾਲ ਪੜ੍ਹ ਕੇ ਉਨ੍ਹਾਂ ਨੇ “ਪੰਜ ਪਿਆਰੇ ਮੇਰਾ ਪਰਿਵਾਰ” ਵਰਗੀਆਂ ਧਾਰਮਿਕ ਰਚਨਾਵਾਂ ਰਾਹੀਂ ਸਿੱਖੀ ਪ੍ਰਤੀ ਆਪਣਾ ਪਿਆਰ ਪ੍ਰਗਟਾਇਆ। “ਸਿਵਿਆਂ ਦੀ ਬੋੜ” ਵਰਗੀਆਂ ਰਚਨਾਵਾਂ ਮਨੁੱਖ ਦੇ ਦਿਲਾਂ ਨੂੰ ਪਸੀਜ ਦੇਂਦੀਆਂ ਹਨ, ਜਦਕਿ “ਧੰਨ ਧੰਨ ਫੌਜੀਆਂ ਦੀਆਂ ਮਾਵਾਂ” ਪੁਸਤਕ ਵਿੱਚ ਦੇਸ਼ ਪ੍ਰੇਮ ਫੁੱਟ-ਫੁੱਟ ਕੇ ਨਜ਼ਰ ਆਉਂਦਾ ਹੈ।
ਆਪ ਨੇ ਪੰਦਰਾਂ ਤੋਂ ਵੱਧ ਗੀਤ ਅਤੇ 20 ਤੋਂ ਵੱਧ ਫਿਲਮਾਂ ਲਿਖੀਆਂ। ਫਿਲਮਾਂ ਬਣਾਈਆਂ ਵੀ ਤੇ ਉਹਨਾਂ ਵਿੱਚ ਐਕਟਿੰਗ ਵੀ ਕੀਤੀ। ਕਹਾਣੀ ਦੀ ਸਥਿਤੀ ਅਨੁਸਾਰ ਗੀਤ ਲਿਖਣ ਦੀ ਕਲਾ ਵਿੱਚ ਉਹ ਬੇਮਿਸਾਲ ਮੰਨੇ ਜਾਂਦੇ ਸਨ। “ਲੋਕੇਸ਼ਨ ਸੌਂਗ” ਲਿਖਣ ਵਿੱਚ ਤਾਂ ਉਹ ਉਸਤਾਦ ਸਨ।
“ਜੀ.ਟੀ. ਰੋਡ ’ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ ਟਰੱਕ ਬੱਲੀਏ,
ਬਿਨਾ ਪੀਤੀਓ ਨਸ਼ਾ ਚੜ੍ਹ ਜਾਵੇ
ਨੀ ਯਾਰਾਂ ਦਾ ਟਰੱਕ ਬੱਲੀਏ”
ਚੰਡੀਗੜ੍ਹ ਰਹਿਣ ਵਾਲੀਏ,
ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ…
ਪਿੰਡਾਂ ਵਿੱਚ ਰਹਿਣ ਵਾਲਿਆ,
ਮੈਨੂੰ ਸ਼ਹਿਰ ਵਾਲਾ ਮਿਲੇ ਨਾ ਨਜ਼ਾਰਾ।
………………..
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ
ਰੋਟੀਆਂ ਖਾਣ ਨੂੰ ਬੜਾ ਹੀ ਜੀ ਕਰਦਾ
……………….
ਮੇਲ ਤੁਹਾਡਾ ਭੁੱਖਾ ਫਿਰਦਾ, ਰੋਟੀ ਖਾ ਗਏ ਕੁੱਤੇ,
ਵੇ ਗਵਾਂਡੀਓ ਜਾਗਦੇ ਕਿ ਸੁੱਤੇ
ਜੇ ਘਰ ਤੁਹਾਡੇ ਆਟਾ ਹੈ ਨਹੀਂ ਮੇਲਣਾ ਕਾਤੇ ਸੱਦੀਆਂ
ਭੰਨ ਦਿਓ ਕੀਲੇ ਢਾਹ ਦਿਓ ਚੂਲੇ ਮਾਰ ਮਾਰ ਕੇ ਅੱਡੀਆਂ,
ਕੱਢਣੇ ਅੱਜ ਗੁਰਾਇਆਂ ਵਾਲਿਆਂ ਉੱਤੇ ਸਾਰੇ ਗੁੱਸੇ
ਵੇ ਗਵਾਂਡੀਓ ਜਾਗਦੇ ਕਿ ਸੁੱਤੇ (ਨਾਨਕਾ ਮੇਲ)
………………………………………
ਮੜ੍ਹੀਆਂ ਨੂੰ ਪੂਜਾਂ, ਕਿਉਂ ਮੰਦਰਾਂ ਨੂੰ ਪੂਜਾਂ
ਪੱਥਰਾਂ ਨੂੰ ਪੂਜਾਂ ਕਿਉਂ ਖੰਡਰਾਂ ਨੂੰ ਪੂਜਾਂ?
ਨਾਸਤਕ ਜੇ ਕਹਿਣਾ ਕਹੀ ਜਾਵੋ ਸੌ ਵਾਰੀ,
ਵਤਨ ਦੇ ਸ਼ਹੀਦਾਂ ਦਾ ਮੈਂ ਹਾਂ ਪੁਜਾਰੀ।
……………
ਗੰਦਲੇ ਗੀਤਾਂ ਦਾ ਪ੍ਰਦੂਸ਼ਣ ਨਹੀਂ ਚੰਗਾ,
ਸੱਭਿਆਚਾਰ ਮੇਲਿਆਂ ਨੂੰ ਕਰੀ ਜਾਂਦਾ ਗੰਦਾ।
ਲੋਕ ਗੀਤ ਮਰ ਚੱਲੇ ਇਹਨਾਂ ਨੂੰ ਬਚਾਓ…
ਜੇ ਲਿਖਣਾ ਨਹੀਂ ਆਉਂਦਾ,
ਜੇ ਗਾਉਣਾ ਨਹੀਂ ਆਉਂਦਾ,
ਗੀਤਾਂ ਦੇ ਸਾਗਰ ਵਿੱਚ ਗੋਤੇ ਨਾ ਖਾਓ —
ਬਾਹਰ ਨਿਕਲ ਜਾਓ… ਬਾਹਰ ਨਿਕਲ ਜਾਓ।….
ਵਰਗੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ ਅਤੇ ਪੰਜਾਬੀ ਲੋਕ ਗਾਇਕੀ ਦੀ ਅਮਰ ਧਰੋਹਰ ਬਣੇ ਹੋਏ ਹਨ।
ਸਿੱਖੀ ਦੇ ਤਜਰਬੇ ਨੂੰ ਚੰਨ ਨੇ ਆਪਣੇ ਹਰਫਾਂ ਵਿੱਚ ਇਸ ਤਰ੍ਹਾਂ ਉਕੇਰਿਆ ਕਿ ਉਹ ਸਿਰਫ਼ ਸ਼ਬਦ ਨਹੀਂ ਰਹਿੰਦੇ, ਸਗੋਂ ਇਤਿਹਾਸ ਦੀ ਜੀਵੰਤ ਤਸਵੀਰ ਬਣ ਜਾਂਦੇ ਹਨ।
“ਪੈਂਦੀ ਖੂਨ ਦੀ ਤਤੀਰੀ ਇੱਦਾਂ ਲੱਗਦੀ,
ਜਿਵੇਂ ਸ਼ਿਵਾ ਦੀਆਂ ਜਟਾਂ ਤੋਂ ਗੰਗਾ ਵਗਦੀ।
ਖੜੇ ਕੰਬਣ ਜਲਾਦ ਕਰਕੇ ਅੱਲ੍ਹਾ ਨੂੰ ਯਾਦ,
ਕਿਹੜੀ ਮਿੱਟੀ ਦਾ ਵਜੂਦ ਇਹ ਬਣਾਇਆ
ਸੀਅ ਨਹੀਂ ਕੀਤੀ ਮਤੀ ਦਾਸ ਨੇ ਹਾਏ,
ਆਰਾ ਸੀਸ ਤੇ ਜਲਾਦਾਂ ਨੇ ਚਲਾਇਆ ।”
……………………………..
“ਮੋਤੀਆਂ ਦੇ ਵਾਂਗੂ ਛਾਲੇ ਚਮਕਣ ਸਰੀਰ ’ਤੇ,
ਲੱਗਣ ਨੀ ਦਿੱਤਾ ਦਾਗ ਸਿੱਖੀ ਦੀ ਜ਼ਮੀਰ ’ਤੇ,
ਅੱਖੀਆਂ ਦੇ ਹੰਝੂ ਡੋਲਦਾ ਗੁਰਾਇਆ ਵਾਲਾ,
ਜਾਲਮਾਂ ਨੂੰ ਆਈ ਨਾ ਹਯਾ,
ਤੇਰਾ ਭਾਣਾ ਮਿੱਠਾ ਲਾਗੇ ਮੁੱਖ ਵਿੱਚੋਂ ਬੋਲਦੇ ਸੀ,
ਜੱਗ ਤੋਂ ਨਿਰਾਲੇ ਸ਼ਹਿਨਸ਼ਾਹ ।”ਮਾਂ ਨੂੰ ਸਮਰਪਿਤ ਉਨ੍ਹਾਂ ਦਾ ਇੱਕ ਸ਼ੇਰ ਸਮਾਜ ਦੀ ਡਰਾਉਣੀ ਅਤੇ ਅਫਸੋਸਜਨਕ ਸੱਚਾਈ ਨੂੰ ਬੜੀ ਸਾਦਗੀ ਨਾਲ ਬਿਆਨ ਕਰਦਾ ਹੈ—
“ਮਾਂ ਸਾਰੇ ਪਰਿਵਾਰ ਨੂੰ ਪਾਲ ਲੈਂਦੀ,
ਕਦੇ ਅੱਕਦੀ ਨਹੀਂ, ਕਦੇ ਥੱਕਦੀ ਨਹੀਂ।
‘ਚੰਨਾ’ ਵਿੱਚ ਬੁਢਾਪੇ ਦੇ ਮਾਂ ਜੋਗੀ ਰੋਟੀ,
ਸਾਰੇ ਪਰਿਵਾਰ ਤੋਂ ਪੱਕਦੀ ਨਹੀਂ।”
ਚੰਨ ਜੀ ਆਪਣੇ ਭਰਾਵਾਂ, ਖਾਸ ਕਰਕੇ ਸੋਹਣ ਲਾਲ ਜੀ ਅਤੇ ਆਪਣੇ ਜੀਵਨ ਸਾਥੀ ਬੀਬੀ ਨਿਰੰਜਣ ਕੌਰ ਦੇ ਸਾਰੀ ਉਮਰ ਅਹਿਸਾਨਮੰਦ ਰਹੇ, ਜਿਨ੍ਹਾਂ ਨੇ ਹਰ ਔਖੇ-ਸੌਖੇ ਵੇਲੇ ਵਿੱਚ ਉਨ੍ਹਾਂ ਦਾ ਸਾਥ ਨਿਭਾਇਆ।
ਉਨ੍ਹਾਂ ਦੇ ਵਿਅਕਤਿਤਵ ਦਾ ਸਭ ਤੋਂ ਵਿਲੱਖਣ ਗੁਣ ਉੱਚ ਕੋਟੀ ਦਾ ਸੁੱਚਾ ਅਤੇ ਉੱਚਾ ਚਾਲ-ਚਲਣ ਸੀ। ਇਹ ਗੁਣ ਕਦੇ-ਕਦੇ ਹੀ ਕਿਸੇ ਕਲਾਕਾਰ, ਗੀਤਕਾਰ, ਕਵੀ ਜਾਂ ਅਦਾਕਾਰ ਵਿੱਚ ਵੇਖਣ ਨੂੰ ਮਿਲਦਾ ਹੈ। ਉਹ ਆਪਣੇ ਅੰਤਿਮ ਸਾਹ ਤੱਕ ਇਸ ਮਿਆਰ ’ਤੇ ਖਰੇ ਉਤਰੇ।
ਅਸੀਂ ਅਰਦਾਸ ਕਰਦੇ ਹਾਂ ਕਿ ਚੰਨ ਜੀ ਦੀ ਆਤਮਾ ਅਤੇ ਸੋਚ ਹੋਰ ਗੀਤਕਾਰਾਂ ਅਤੇ ਕਲਾਕਾਰਾਂ ਜਿਵੇਂ ਨਿਰਮਲ ਰੱਤੂ, ਮਹਿੰਦਰ ਸੰਧੂ, ਸ਼ਿੰਗਾਰ ਮਸਾਣੀ, ਸ਼ਾਮ ਸਰਗੁੜੀ, ਰਾਜੇਸ਼ ਕੈਂਥ, ਸਤਪਾਲ ਸਾਹਲੋਂ ਆਦਿ ਵਿੱਚ ਵੀ ਵਸੇ, ਤਾਂ ਜੋ ਉਹ ਉਨ੍ਹਾਂ ਦੇ ਅਧੂਰੇ ਸੰਕਲਪਾਂ ਨੂੰ ਪੂਰਾ ਕਰ ਸਕਣ।

— ਮਾਸਟਰ ਸੋਮਰਾਜ
ਗੋਲਡ ਮੈਡਲਿਸਟ, ਸਟੇਟ ਐਵਾਰਡੀ, ਫਗਵਾੜਾ
9463686279






